top of page

ਪ੍ਰੇਰਨਾ ਤੋਹਫ਼ਾ ਹੈ, ਇਸ ਨੂੰ ਦੰਡ ਨਾ ਬਣਾਓ

  • Writer: Shameel Jasvir
    Shameel Jasvir
  • Jan 2, 2021
  • 4 min read

“ਜੇ ਅੱਜ ਦੇ ਸੌੜੀ ਸੋਚ ਵਾਲੇ ਕੁੱਝ ਪੰਥਕ ਵਿਦਵਾਨਾਂ ਦੀ ਮਰਜ਼ੀ ਚੱਲੇ ਤਾਂ ਸ਼ਾਇਦ ਇਹ ਗੁਰੂਆਂ ਅਤੇ ਭਗਤਾਂ ਨੂੰ ਵੀ ਕਹਿਣ ਕਿ ਰੱਬ ਨੂੰ ਸਿਰਫ ‘ਵਾਹਿਗੁਰੂ’ ਕਹੋ, ਰਾਮ, ਰਹੀਮ, ਹਰੀ, ਬੀਠਲ, ਠਾਕੁਰ ਨਾ ਕਹੋ, ਕਿਉਂਕਿ ਇਹ ਸਿੱਖ ਪਰੰਪਰਾ ਦੇ ਸ਼ਬਦ ਨਹੀਂ”।


ਜੇ ਮੈਂ ਆਪਣੀ ਨਿੱਜੀ ਗੱਲ ਕਰਾਂ ਤਾਂ ਜ਼ਿੰਦਗੀ ਦੇ ਅਲੱਗ ਅਲੱਗ ਮੌਕਿਆਂ ਤੇ ਮੇਰੇ ਅੰਦਰੋਂ ਪ੍ਰੇਰਨਾ ਗੁਰੂ ਸਾਹਿਬਾਨ ਅਤੇ ਗੁਰਬਾਣੀ ਵਿਚੋਂ ਪੈਦਾ ਹੁੰਦੀ ਹੈ। ਮੈਂ ਪਰਮਾਤਮਾ ਦੇ ਉਨ੍ਹਾਂ ਨਾਵਾਂ ਨਾਲ ਜ਼ਿਆਦਾ ਸਹਿਜ ਰੂਪ ਵਿਚ ਜੁੜ ਸਕਦਾ ਹਾਂ, ਜਿਹੜੇ ਮੇਰੇ ਕਲਚਰ ਵਿਚੋਂ ਆਏ ਹਨ। ਇਸ ਵਾਸਤੇ ਨਾ ਮੈਨੂੰ ਕੋਈ ਕੋਸ਼ਿਸ਼ ਕਰਨੀ ਪੈਂਦੀ ਹੈ ਅਤੇ ਨਾ ਹੀ ਕਿਸੇ ਦੂਸਰੇ ਨੂੰ ਇਸ ਬਾਰੇ ਮੈਨੂੰ ਦੱਸਣ/ਕਹਿਣ ਦੀ ਲੋੜ ਪੈਂਦੀ ਹੈ। ਮੈਨੂੰ ਇਸ ਬਾਰੇ ਨਾ ਕੋਈ ਘੁਮੰਡ ਹੈ ਅਤੇ ਨਾ ਹੀ ਕੋਈ ਹੀਣ-ਭਾਵਨਾ ਹੈ। ਬਲਕਿ ਲੱਗਦਾ ਹੈ ਕਿ ਇਸ ਤਰਾਂ ਦੀ ਚੀਜ਼ ਬਾਰੇ ਇਨਸਾਨ ਅੰਦਰ ਨਿਮਰਤਾ ਅਤੇ ਸ਼ੁਕਰਾਨੇ ਦਾ ਭਾਵ ਹੋਣਾ ਚਾਹੀਦਾ ਹੈ। ਇਹ ਮੇਰੀ ਪ੍ਰੇਰਨਾ ਹੈ, ਮੇਰੀ ਸਚਾਈ ਹੈ। ਪਰ ਮੇਰੇ ਲਈ ਇਹ ਵੀ ਵਾਜਬ ਨਹੀਂ ਹੋਵੇਗਾ ਕਿ ਮੈਂ ਦੂਸਰਿਆਂ ਨੂੰ ਕਹਾਂ ਕਿ ਤੁਹਾਡੇ ਅੰਦਰ ਵੀ ਪ੍ਰੇਰਨਾ ਮੇਰੇ ਵਾਲੀ ਹੀ ਹੋਣੀ ਚਾਹੀਦੀ ਹੈ। ਪ੍ਰੇਰਨਾ ਅੰਦਰੋਂ ਪੈਦਾ ਹੋਣ ਵਾਲੀ ਚੀਜ਼ ਹੈ, ਕਿਸੇ ਤੇ ਥੋਪਣ ਵਾਲੀ ਨਹੀਂ।

ਅੱਜਕੱਲ੍ਹ ਸੋਸ਼ਲ ਮੀਡੀਆ ਤੇ ਜਾਂ ਵੈਸੇ ਵੀ ਅਜਿਹੇ ਬਹੁਤ ਸਾਰੇ ਕਾਮੈਂਟ ਪੜ੍ਹਨ/ਸੁਣਨ ਨੂੰ ਮਿਲ ਰਹੇ ਹਨ, ਜਿਸ ਵਿਚ ਕਈ ਦੋਸਤ ਕਿਸਾਨ ਅੰਦੋਲਨ ਜਾਂ ਹੋਰ ਸਿਆਸੀ ਮੁੱਦਿਆਂ ਗੱਲ ਕਰਦਿਆਂ ਇਸ ਅੰਦਾਜ਼ ਵਿਚ ਗੱਲ ਕਰਦੇ ਹਨ, ਜਿਵੇਂ ਦੂਜਿਆਂ ਤੇ ਆਪਣੀ ‘ਸਿੱਖ ਪ੍ਰੇਰਨਾ’ ਥੋਪਣ ਦੀ ਕੋਸ਼ਿਸ਼ ਕਰ ਰਹੇ ਹੋਣ।

ਅਜਿਹੇ ਦੋਸਤਾਂ ਨੂੰ ਸਨਿਮਰ ਬੇਨਤੀ ਕਰਨੀ ਚਾਹਾਂਗਾ ਕਿ ਤੁਹਾਡੇ ਅੰਦਰ ਗੁਰੂ ਸਾਹਿਬ ਅਤੇ ਸਿੱਖ ਇਤਿਹਾਸ ਵਿਚੋਂ ਪੈਦਾ ਹੋਈ ਪ੍ਰੇਰਨਾ ਜਾਗ ਰਹੀ ਹੈ, ਉਸ ਲਈ ਤੁਹਾਨੂੰ ਰੱਬ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ। ਜਿਨ੍ਹਾਂ ਅੰਦਰ ਇਹ ਨਹੀਂ ਹੈ, ਉਨ੍ਹਾਂ ਲਈ ਦੁਆ ਕਰੋ ਕਿ ਉਨ੍ਹਾਂ ਅੰਦਰ ਵੀ ਜਾਗੇ। ਪਰ ਮੁਗਲਾਂ ਦੀ ਤਰਾਂ ਦੂਸਰਿਆਂ ਨੂੰ ਇਹ ਪੜ੍ਹਾਉਣ ਦੀ ਕੋਸ਼ਿਸ਼ ਨਾ ਕਰੋ ਕਿ ਉਨ੍ਹਾਂ ਲਈ ਵੀ ਸਿੱਖ ਚਿੰਨ੍ਹਾਂ ਜਾਂ ਸਿੱਖ ਸ਼ਬਦਾਵਲੀ ਵਿਚ ਗੱਲ ਕਰਨੀ ਲਾਜ਼ਮੀ ਹੈ। ਸਿੱਖ ਪ੍ਰੇਰਨਾ ਇਕ ਤੋਹਫਾ ਹੈ, ਕੋਈ ਦੰਡ ਨਹੀਂ ਹੈ।

ਕਈ ਵਿਦਵਾਨ ਸੱਜਣ ਇਸ ਗੱਲ ਨੂੰ ਸਿਧਾਂਤ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਜੇ ਤੁਸੀਂ ਸਿੱਖ ਮੁਹਾਵਰੇ ਵਿਚ ਗੱਲ ਨਹੀਂ ਕਰਦੇ ਤਾਂ ਤੁਸੀਂ ਪੰਜਾਬ ਪੱਖੀ ਨਹੀਂ ਹੋ ਸਕਦੇ। ਇਹ ਕੋਸ਼ਿਸ਼ ਗੁਰੂ ਸਾਹਿਬਾਨ, ਗੁਰਬਾਣੀ ਅਤੇ ਸਿੱਖ ਮਰਿਆਦਾ ਦੇ ਉਲਟ ਗੱਲ ਹੈ।

ਆਰ ਐਸ ਐਸ ਵਾਲੇ ਮੁਲਕ ਪੱਧਰ ਤੇ ਇਹ ਸਿਧਾਂਤ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਤੁਸੀਂ ਤਦ ਹੀ ਅਸਲੀ ਦੇਸ਼ਭਗਤ ਹੋ ਸਕਦੇ ਹੋ, ਜੇ ਤੁਹਾਡੀ ਪ੍ਰੇਰਨਾ ਇੰਡੀਆ ਦੀਆਂ ਪਰੰਪਰਾਵਾਂ ਵਿਚੋਂ ਆਈ ਹੋਵੇ। ਜੇ ਤੁਸੀਂ ਕਿਸੇ ‘ਵਿਦੇਸ਼ੀ’ ਵਿਚਾਰਧਾਰਾ ਤੋਂ ਪ੍ਰੇਰਿਤ ਹੋ ਤਾਂ ਤੁਸੀਂ ਦੇਸ਼ ਭਗਤ ਨਹੀਂ ਹੋ ਸਕਦੇ। ਇਸ ਕਰਕੇ ਉਨ੍ਹਾਂ ਨੂੰ ਇਸਲਾਮ, ਇਸਾਈਅਤ ਜਾਂ ਕਮਿਊਨਿਜ਼ਨਮ ਨਾਲ ਤਕਲੀਫ ਹੈ। ਕਿਉਂਕਿ ਇਹ ਵਿਚਾਰਧਾਰਾਂ ਬਾਹਰੋਂ ਆਈਆਂ ਹਨ; ਇਸ ਕਰਕੇ ਉਨ੍ਹਾਂ ਦੀ ਦੇਸ਼ਭਗਤੀ ਦੀ ਪਰਿਭਾਸ਼ਾ ਮੁਤਾਬਕ ਜੇ ਤੁਸੀਂ ਇੰਡੀਆ ਦੀਆਂ ਹਿੰਦੂ ਪਰੰਪਰਾਵਾਂ ਵਿਚੋਂ ਆਏ ਚਿੰਨ੍ਹ, ਸ਼ਬਦ ਜਾਂ ਉਸਦਾ ਮੁਹਾਵਰਾ ਨਹੀਂ ਵਰਤਦੇ ਤਾਂ ਤੁਸੀਂ ਭਾਰਤੀ ਨਹੀਂ ਹੋ ਸਕਦੇ। ਉਨ੍ਹਾਂ ਦੀ ਦੇਸ਼ ਭਗਤੀ ਦੀ ਇਹ ਬਹੁਤ ਹੀ ਸੌੜੀ ਅਤੇ ਕੁਰੱਪਟ ਧਾਰਨਾ ਹੈ।

ਆਰ ਐਸ ਐਸ ਵਰਗੀ ਸੋਚ ਦਾ ‘ਪੰਜਾਬ ਐਡੀਸ਼ਨ’ ਕੁੱਝ ਲੋਕ ਸਿੱਖੀ ਦੇ ਨਾਂ ਤੇ ਚਲਾਉਣਾ ਚਾਹੁੰਦੇ ਹਨ। ਜਿਵੇਂ ਮੁਲਕ ਪੱਧਰ ਤੇ ਕੋਈ ਸੌੜੀ ‘ਹਿੰਦੂਤਵੀ’ ਸਿਆਸੀ ਵਿਚਾਰਧਾਰਾ ਸਭ ਤੇ ਥੋਪਣਾ ਇੰਡੀਆ ਦੀਆਂ ਸਨਾਤਨ ਧਰਮ ਦੀਆਂ ਪਰੰਪਰਾਵਾਂ ਦੇ ਉਲਟ ਹੈ। ਉਸੇ ਤਰਾਂ ਸਿਖੀ ਬਾਰੇ ਕਿਸੇ ਦੀ ਸੌੜੀ ਸਮਝ ਨੂੰ ਪੰਜਾਬ ਸਿਆਸਤ ਤੇ ਥੋਪਣ ਦੀ ਕੋਸ਼ਿਸ਼ ਕਰਨਾ ਸਿੱਖ ਪਰੰਪਰਾ ਅਤੇ ਸਿਧਾਂਤ ਦੇ ਉਲਟ ਹੈ।

ਗੁਰੂ ਗ੍ਰੰਥ ਸਾਹਿਬ ਵਿਚ ਕੁੱਝ ਭਗਤ ਅਜਿਹੇ ਹਨ, ਜਿਹੜੇ ਮੁਸਲਮਾਨ ਪਿਛੋਕੜ ਵਾਲੇ ਹਨ ਅਤੇ ਕਈ ਇੰਡੀਆ ਦੀਆਂ ਅਲੱਗ ਅਲੱਗ ਭਗਤੀ ਪਰੰਪਰਾਵਾਂ ਵਿਚੋਂ ਹਨ। ਕੋਈ ਨਮਾਜ਼ ਪੜ੍ਹਨ ਦੀ ਗੱਲ ਕਰ ਰਿਹਾ ਹੈ ਅਤੇ ਰੱਬ ਨੂੰ ਖੁਦਾ ਕਹਿੰਦਾ ਹੈ, ਕੋਈ ਉਸ ਨੂੰ ਠਾਕੁਰ, ਰਾਮ, ਰਹੀਮ, ਹਰੀ, ਬੀਠਲ ਆਦਿ ਨਾਵਾਂ ਨਾਲ ਪੁਕਾਰਦਾ ਹੈ। ਜੇ ਅੱਜ ਦੇ ਸੌੜੀ ਸੋਚ ਵਾਲੇ ਕੁੱਝ ਪੰਥਕ ਵਿਦਵਾਨਾਂ ਦੀ ਮਰਜ਼ੀ ਚੱਲੇ ਤਾਂ ਸ਼ਾਇਦ ਇਹ ਗੁਰੂਆਂ ਅਤੇ ਭਗਤਾਂ ਨੂੰ ਵੀ ਕਹਿਣ ਕਿ ਰੱਬ ਨੂੰ ਸਿਰਫ ‘ਵਾਹਿਗੁਰੂ’ ਕਹੋ, ਰਾਮ, ਰਹੀਮ, ਹਰੀ, ਬੀਠਲ, ਠਾਕੁਰ ਨਾ ਕਹੋ, ਕਿਉਂਕਿ ਇਹ ਸਿੱਖ ਪਰੰਪਰਾ ਦੇ ਸ਼ਬਦ ਨਹੀਂ। ਗੁਰੂ ਗ੍ਰੰਥ ਸਾਹਿਬ ਵਿਚ ਪ੍ਰਮਾਤਮਾ ਲਈ ਹਰੀ ਸ਼ਬਦ ਸਭ ਤੋਂ ਵੱਧ ਵਰਤੇ ਜਾਣ ਵਾਲੇ ਸ਼ਬਦਾਂ ਵਿਚੋਂ ਹੈ। ਗੁਰੂ ਸਾਹਿਬ ਨੇ ਸਿੱਖੀ ਦੇ ਸਭ ਤੋਂ ਕੇਂਦਰੀ ਸਥਾਨ ਦੇ ਨੀਂਹ ਪੱਥਰ ਲਈ ਇੱਕ ਸੂਫੀ ਸੰਤ ਮੀਂਆਂ ਮੀਰ ਨੂੰ ਬੁਲਾਇਆ। ਜਿਸ ਗੁਰੂ ਪਰੰਪਰਾ ਨੇ ਕਿਸੇ ਨਾਲ ਭਾਸ਼ਾ, ਕਲਚਰਲ ਪਿਛੋਕੜ, ਧਾਰਮਿਕ ਪਿਛੋਕੜ ਕਰਕੇ ਕੋਈ ਫਰਕ ਨਹੀਂ ਕੀਤਾ, ਉਸੇ ਪਰੰਪਰਾ ਨੂੰ ਅੱਜਕੱਲ੍ਹ ਕੁੱਝ ਸਿਆਸੀ ਲੋਕ ਆਰ ਐਸ ਐਸ ਵਾਂਗ ਧਰਮ ਦੀ ਸੌੜੀ ਸਿਆਸੀ ਪਰਿਭਾਸ਼ਾ ਵਿਚ ਬੰਨ੍ਹਣ ਦੀ ਕੋਸ਼ਿਸ਼ ਕਰ ਰਹੇ ਹਨ।

ਆਪਣੀ ਸੰਕੀਰਨ ਸੋਚ ਤੋਂ ਬਾਹਰ ਨਿਕਲਕੇ ਜੇ ਦੇਖੀਏ ਤਾਂ ਪੂਰੇ ਮਾਨਵੀ ਇਤਿਹਾਸ ਵਿਚ ਅਤੇ ਅੱਜ ਵੀ ਧਰਤੀ ਦੇ ਅਲੱਗ ਅਲੱਗ ਲੋਕ ਆਪੋ ਆਪਣੇ ਧਾਰਮਿਕ ਜਾਂ ਵਿਚਾਰਧਾਰਨ ਸੋਮਿਆਂ ਤੋਂ ਪ੍ਰੇਰਨਾ ਲੈ ਕੇ ਲੜਦੇ ਅਤੇ ਕੰਮ ਕਰਦੇ ਰਹੇ ਹਨ, ਅਤੇ ਅੱਜ ਵੀ ਕਰ ਰਹੇ ਹਨ। ਹਰ ਧਰਮ, ਹਰ ਵਿਚਾਰਧਾਰਾ ਨਾਲ ਜੁੜੇ ਲੋਕਾਂ ਨੇ ਅਲੱਗ ਅਲੱਗ ਮੌਕਿਆਂ ਤੇ ਵੱਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਹਨ। ਅਸਲੀ ਸਿੱਖੀ ਇਨ੍ਹਾਂ ਸਭ ਨੂੰ ਨਮਨ ਕਰਨ ਅਤੇ ਇਨ੍ਹਾਂ ਦਾ ਸਤਿਕਾਰ ਕਰਨ ਵਿਚ ਹੈ। ਇਹ ਕਹਿਣਾ ਜਾਂ ਸੋਚਣਾ ਕਿ ਸਿਰਫ ਸਿੱਖ ਪ੍ਰੇਰਨਾ ਨਾਲ ਹੀ ਲੋਕ ਲੜ ਸਕਦੇ ਹਨ, ਸਿੱਖ ਪਰੰਪਰਾ ਦੇ ਉਲਟ ਗੱਲ ਹੈ।

ਅਸੀਂ ਕੈਨੇਡਾ ਵਿਚ ਰਹਿੰਦੇ ਹਾਂ। ਜੇ ਕੱਲ੍ਹ ਨੂੰ ਕੈਨੇਡਾ ਦੇ ਕੁੱਝ ਗੋਰੇ ਲੋਕ ਸਾਡੇ ਬਾਰੇ ਇਹ ਕਹਿਣ ਲੱਗ ਜਾਣ ਕਿ ਇਨ੍ਹਾਂ ਲੋਕਾਂ ਦੀਆਂ ਜੜ੍ਹਾਂ ਅਤੇ ਇਨ੍ਹਾਂ ਦੀ ਪ੍ਰੇਰਨਾ ਕਿਸੇ ਵਿਦੇਸ਼ੀ ਧਰਤੀ ਤੇ ਪੈਦਾ ਹੋਏ ਧਰਮਾਂ ਜਾਂ ਸਭਿਆਚਾਰਾਂ ਵਿਚ ਹੈ, ਇਸ ਕਰਕੇ ਇਹ ਕੈਨੇਡੀਅਨ ਨਹੀਂ ਹੋ ਸਕਦੇ ਤਾਂ ਇਹ ਸਾਡੇ ਨਾਲ ਜਾਂ ਸਾਡੇ ਬੱਚਿਆਂ ਨਾਲ ਜ਼ਿਆਦਤੀ ਹੋਵੇਗੀ। ਪੰਜਾਬੀਆਂ ਕੋਲ ਅੱਜ ਇਸ ਤਰਾਂ ਦਾ ਗਲੋਬਲ ਅਨੁਭਵ ਹੈ। ਘੱਟੋ ਘੱਟ ਸਾਨੂੰ ਤਾਂ ਅਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਜੇ ਸੰਘ ਵਾਲੇ ਖੂਹ ਦੇ ਡੱਡੂ ਬਣੇ ਰਹਿਣਾ ਚਾਹੁੰਦੇ ਹਨ ਤਾਂ ਬਣੇ ਰਹਿਣ।

ਤਿਆਗ, ਨਿਮਰਤਾ ਅਤੇ ਸੇਵਾ ਤੇ ਅਧਾਰਤ ਜੀਵਨ ਦੀਆਂ ਮਿਸਾਲਾਂ ਬਣਨ ਤੇ ਜ਼ੋਰ ਹੋਣਾ ਚਾਹੀਦਾ ਹੈ, ਨਾ ਕਿ ਦੂਜਿਆਂ ਨੂੰ ਜੱਜ ਕਰਨ ਜਾਂ ਉਨ੍ਹਾਂ ਵਿਚ ਨੁਕਸ ਕੱਢਣ ਤੇ।

ਆਪਣੀ ਪ੍ਰੇਰਨਾ ਨੂੰ ਆਪਣੇ ਦਿਲ ਵਿਚ ਰੱਖੀਏ ਅਤੇ ਬਾਕੀਆਂ ਲਈ ਦੁਆ ਕਰੀਏ ਤਾਂ ਕਿ ਸਭ ਤੇ ਗੁਰੂ ਦੀ ਕਿਰਪਾ ਹੋ ਜਾਵੇ।


ਸ਼ਮੀਲ

2 ਜਨਵਰੀ, 2021


 
 
 

Comments


Featured Posts
Check back soon
Once posts are published, you’ll see them here.
Recent Posts
Archive
Search By Tags
Follow Us
  • Facebook Basic Square
  • Twitter Basic Square
  • Google+ Basic Square
bottom of page