
ਰੱਬ ਦਾ ਸੁਰਮਾ
ਸਾਲ 2022 ਵਿੱਚ ਪ੍ਰਕਾਸ਼ਤ ਰੱਬ ਦਾ ਸੁਰਮਾ ਸ਼ਮੀਲ ਦੀ ਕਵਿਤਾ ਦੀ ਚੌਥੀ ਕਿਤਾਬ ਹੈ। ਇਹ ਸ਼ਮੀਲ ਦੀਆਂ ਪਿਆਰ ਕਵਿਤਾਵਾਂ ਦਾ ਸੰਗ੍ਰਹਿ ਹੈ, ਜਿਸ ਵਿਚ ਉਸਦੀਆਂ ਪਹਿਲੀਆਂ ਕਿਤਾਬਾਂ ‘ਓ ਮੀਆਂ’ ਅਤੇ ‘ਧੂਫ਼’ ਵਿਚੋਂ ਵੀ ਕੁੱਝ ਕਵਿਤਾਵਾਂ ਲਈਆਂ ਗਈਆਂ ਹਨ ਅਤੇ ਬਾਕੀ ਨਵੀਆਂ ਕਵਿਤਾਵਾਂ ਹਨ। ਕਿਤਾਬ ਨੂੰ ਔਟਮ ਆਰਟ ਪਟਿਆਲਾ ਵਲੋਂ ਪ੍ਰਕਾਸ਼ਤ ਕੀਤਾ ਗਿਆ। ਇਸ ਕਿਤਾਬ ਬਾਰੇ ਜਾਣੇ-ਪਛਾਣੇ ਪੰਜਾਬੀ ਸ਼ਾਇਰ ਨਵਤੇਜ ਭਾਰਤੀ ਨੇ ਲਿਖਿਆ, “ ਰੱਬ ਦਾ ਸੁਰਮਾ ਪੜ੍ਹਦਿਆਂ ਹਰਿਭਜਨ ਸਿੰਘ ਦੀ ਰੁੱਖ ਤੇ ਰਿਸ਼ੀ ਚੇਤੇ ਆਉਂਦੀ ਹੈ। 30 ਵਰ੍ਹਿਆਂ ਪਿੱਛੋਂ। ਰੱਬ ਦਾ ਸੁਰਮਾ ਪੜ੍ਹਨ (ਸਮਝਣ) ਲਈ ਮੈਂ ਰੁੱਖ ਤੇ ਰਿਸ਼ੀ ਪੜ੍ਹਦਾ ਹਾਂ। ਜਿਵੇਂ ਪੂਰਨ ਸਿੰਘ ਦੀ ਖੁੱਲ੍ਹੇ ਮੈਦਾਨ ਸਮਝਣ ਲਈ ਮੈਂ ਵਾਲਟ ਵਿਟਮਨ ਦੀ ਘਾ ਦੀਆਂ ਪੱਤੀਆਂ ਪੜ੍ਹਦਾ ਹਾਂ।“

ਤੇਗ
ਤੇਗ ਸ਼ਮੀਲ ਦੀ ਕਵਿਤਾਵਾਂ ਦੀ ਪੰਜਵੀ ਕਿਤਾਬ ਹੈ। ਤੇਗ ਦੀਆਂ ਕਵਿਤਾਵਾਂ ਗੁਰੂ ਗੋਬਿੰਦ ਸਿੰਘ ਦੇ ਜੀਵਨ ਤੋ ਪ੍ਰਭਾਵਿਤ ਹਨ। ਇਹ ਗੁਰੂ ਗੋਬਿੰਦ ਸਿੰਘ ਦੀ ਜੀਵਨ ਕਹਾਣੀ ਨਹੀਂ ਹੈ, ਨਾ ਹੀ ਉਨ੍ਹਾਂ ਦੇ ਜੀਵਨ ਦੀ ਕੋਈ ਵਿਆਖਿਆ ਹੈ। ਬਲਕਿ ਇਕ ਕਵੀ ਦੇ ਅਹਿਸਾਸ ਅਤੇ ਖਿਆਲ ਹਨ, ਜੋ ਗੁਰੂ ਗੋਬਿੰਦ ਸਿੰਘ ਦਾ ਜੀਵਨ ਪੜ੍ਹਦਿਆਂ ਪੈਦਾ ਹੋਏ। ਇਨ੍ਹਾਂ ਕਵਿਤਾਵਾਂ ਦਾ ਮੁੱਖ ਵਿਸ਼ਾ ‘ਸੰਤ-ਸਿਪਾਹੀ’ ਦਾ ਸੰਕਲਪ ਹੈ, ਜਿਸ ਉੱਤੇ ਖਾਲਸਾ ਪਰੰਪਰਾ ਉਸਰੀ। ਕਿਤਾਬ ਦੀਆਂ ਕਵਿਤਾਵਾਂ ਕੁੱਝ ਕਸ਼ੀਦੇ ਖਿਆਲ/ਅਹਿਸਾਸ ਹਨ, ਜੋ ਕਿਤੇ-ਕਿਤੇ ਕਿਸੇ ਪੇਂਟ ਬਰੱਸ਼ ਜਾਂ ਸਕਲਪਚਰ ਦੇ ਪੀਸ ਦੀ ਤਰਾਂ ਐਬਸਟ੍ਰੈਕਟ ਹੋ ਸਕਦੇ ਹਨ, ਪਰ ਇਨ੍ਹਾਂ ਦੇ ਪਿੱਛੇ ਜਾਂ ਆਲੇ-ਦੁਆਲੇ ਜੋ ਖਿਆਲ ਹਨ, ਉਹ ਸਮੁੱਚੀ ਰੂਹਾਨੀਅਤ ਦੇ ਗੰਭੀਰ ਸਵਾਲ ਹੋ ਸਕਦੇ ਹਨ। ਕਵਿਤਾ ਅਤੇ ਰੂਹਾਨੀਅਤ ਦੇ ਰਿਸ਼ਤੇ ਬਾਰੇ ਵੀ ਇਹ ਕਿਤਾਬ ਕੁੱਝ ਨਵੇਂ ਖਿਆਲ ਅਤੇ ਅਹਿਸਾਸ ਪੇਸ਼ ਕਰਦੀ ਹੈ।
ਕਿਤਾਬ ਖਰੀਦਣ ਲਈ ਜਾਓ:
ਜਾਂ ਕਾਲ ਕਰੋ:
+91-62803-55912
+91-9888304440

ਧੂਫ਼
ਸਾਲ 2019 ਵਿੱਚ ਪ੍ਰਕਾਸ਼ਤ ਕਿਤਾਬ ਧੂਫ਼ ਸ਼ਮੀਲ ਦੀ ਕਵਿਤਾ ਦੀ ਤੀਸਰੀ ਕਿਤਾਬ ਹੈ। ਇਹ ਕਿਤਾਬ ਅਸਲ ਵਿਚ ਤਿੰਨ ਛੋਟੀਆਂ ਕਿਤਾਬਾਂ ਦਾ ਸੰਗ੍ਰਹਿ ਹੈ। ਪਹਿਲਾ ਭਾਗ ‘ਟਰੇਨ ਕਵਿਤਾ’ ਸ਼ਮੀਲ ਦੁਆਰਾ ਟੋਰਾਂਟੋ ਦੀ ਗੋ ਟਰੇਨ ਦੇ ਸਫ਼ਰ ਦੌਰਾਨ ਹੋਏ ਅਨੁਭਵਾਂ ਨੂੰ ਪਿੱਠਭੂਮੀ ਵਿੱਚ ਰੱਖਦੇ ਹੋਏ ਰਚੀ ਗਈ ਅਜਿਹੀ ਕਵਿਤਾ ਹੈ, ਜਿਸ ਵਿਚ ਇਨਸਾਨੀ ਸਭਿਅਤਾ, ਜੀਵਨ ਦਰਸ਼ਨ ਅਤੇ ਇਨਸਾਨੀ ਹਸਤੀ ਦੇ ਦਵੰਦਾਂ ਦਾ ਬਿਆਨ ਕੀਤਾ ਗਿਆ ਹੈ। ਦੂਸਰਾ ਭਾਗ ‘ਪਿਓ ਦੀਆਂ ਕਵਿਤਾਵਾਂ’ ਪਿਓ ਦੇ ਅਨੁਭਵ ਅਤੇ ਪਿਤਾਤਵ ਦੀ ਸੰਵੇਦਨਸ਼ੀਲਤਾ ਨੂੰ ਬਿਆਨ ਕਰਦੀਆਂ ਹਨ ਅਤੇ ਪੰਜਾਬੀ ਕਵਿਤਾ ਵਿੱਚ ਇਸ ਅਨੁਭਵ ਵਾਲੀਆਂ ਬਿਲਕੁੱਲ ਵਿਲੱਖਣ ਕਵਿਤਾਵਾਂ ਹਨ। ਤੀਸਰਾ ਭਾਗ ‘ਧੂਫ਼’ ਮੁੱਖ ਤੌਰ ਤੇ ਆਧੁਨਿਕ ਇਨਸਾਨੀ ਸਭਿਅਤਾ ਦੇ ਸੰਕਟ ਨੂੰ ਪੇਸ਼ ਕਰਨ ਵਾਲੀਆਂ ਕਵਿਤਾਵਾਂ ਹਨ। ਇਸ ਕਿਤਾਬ ਬਾਰੇ ਜਸਬੀਰ ਮੰਡ ਨੇ ਲਿਖਿਆ, “ਧੂਫ਼ ਸਫ਼ਰ ਦੇ ਅਨੁਭਵੀ ਮੁਸਾਫ਼ਰ ਦੀ ਕਵਿਤਾ ਹੈ, ਜੋ ਲੰਬੇ ਸਫ਼ਰਾਂ ਬਾਦ ਮੁੜ ਸੰਵਾਦ ਲਈ ਤਿਆਰ ਹੋਇਆ ਹੈ। ਸ਼ਮੀਲ ਦਾ ਇਹ ਸਫ਼ਰ ਬੌਧਿਕਤਾ ਦਾ ਸਰਲ ਹੋ ਜਾਣਾ ਹੈ, ਜਿਸ ਵਿਚ ਜੀਵਨ ਦੀ ਅਸਲੀ ਮਰਜ਼ ਸਮਝ ਆ ਜਾਂਦੀ ਹੈ”
ਕਿਤਾਬ ਖਰੀਦਣ ਲਈ ਜਾਓ:
ਜਾਂ ਕਾਲ ਕਰੋ:
+91-62803-55912
+91-9888304440